ਵਿਨੈਪਾਲ ਜੈਦ
.ਜਲੰਧਰ
ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਚਮੁੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਕਮਰੇ ਵਿਚੋਂ ਬਾਹਰ ਕੱਢ ਦੇਣਗੇ?ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਜਲੰਧਰ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ‘ਤੇ ਗੰਭੀਰ ਸਵਾਲ ਉਠਾਏ। ਜਾਖੜ ਨੇ ਕਿਹਾ ਕਿ SDRF ਦੇ 12,000 ਕਰੋੜ ਰੁਪਏ ਨੂੰ ਲੈ ਕੇ ਮੁੱਖ ਮੰਤਰੀ ਅਤੇ ਰਾਜ ਦੇ ਮੁੱਖ ਸਕੱਤਰ ਕੈਪ ਸਿਨ੍ਹਾ ਦੇ ਬਿਆਨਾਂ ਵਿੱਚ ਵੱਡਾ ਵਿਰੋਧਾਭਾਸ ਹੈ। ਜਾਖੜ ਅਨੁਸਾਰ, ਕੈਪ ਸਿਨ੍ਹਾ ਸਪੱਸ਼ਟ ਕਰ ਚੁੱਕੇ ਹਨ ਕਿ ਕੇਂਦਰ ਸਰਕਾਰ ਨੇ SDRF ਅਧੀਨ 12,000 ਕਰੋੜ ਰੁਪਏ ਸੂਬੇ ਨੂੰ ਜਾਰੀ ਕੀਤੇ ਹਨ, ਜਦਕਿ ਭਗਵੰਤ ਮਾਨ ਦਾਅਵਾ ਕਰ ਰਹੇ ਹਨ ਕਿ ਰਾਜ ਸਰਕਾਰ ਕੋਲ ਸਿਰਫ਼ 1,500 ਕਰੋੜ ਰੁਪਏ ਹੀ ਹਨ। ਜਾਖੜ ਨੇ ਕਿਹਾ, “ਹੁਣ ਜਾਂ ਤਾਂ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਜਾਂ ਮੁੱਖ ਸਕੱਤਰ।” ਭਾਜਪਾ ਪ੍ਰਧਾਨ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕੇਂਦਰ ਵੱਲੋਂ ਭੇਜੇ SDRF ਦੇ ਪੈਸੇ ਚੋਣ-ਪ੍ਰਚਾਰ ਅਤੇ ਕੇਜਰੀਵਾਲ ਦੇ ਚੋਣ ਦੌਰਿਆਂ ‘ਤੇ ਖਰਚ ਕੀਤੇ ਗਏ ਹਨ। ਸੁਨੀਲ ਜਾਖੜ ਨੇ ਚੇਤਾਵਨੀ ਦਿੱਤੀ ਕਿ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਸਚਾਈ ਬਿਆਨ ਕਰਨ। ਉਨ੍ਹਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅੱਗੇ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਕਿਤੇ ਐਸਾ ਨਾ ਹੋਵੇ ਕਿ ਮੋਦੀ ਉਨ੍ਹਾਂ ਨੂੰ ਆਪਣੇ ਕਮਰੇ ਵਿਚੋਂ ਹੀ ਬਾਹਰ ਕੱਢ ਦੇਣ।