ਕੁਲਦੀਪ ਸ਼ਰਮਾ:
ਕਪੂਰਥਲਾ:
ਸਿਹਤ, ਸਿੱਖਿਆ ਅਤੇ ਵਾਤਾਵਰਣ ਸ਼ੁੱਧਤਾ ਦੇ ਖੇਤਰ ਵਿੱਚ ਜਾਣਿਆ ਜਾਂਦਾ ਪੰਜਾਬ ਫਾਉਂਡੇਸ਼ਨ ਹਰ ਸਾਲ ਅੰਤਰ ਰਾਸ਼ਟਰੀ ਮਾਤਰ ਭਾਸ਼ਾ ਦਿਵਸ ਮਨਾਉਂਦਾ ਹੈ। ਕਿਉਂਕਿ ਸਾਡੀ ਮਾਤਰ ਭਾਸ਼ਾ ਪੰਜਾਬੀ ਲਈ ਵਿਸੇਸ਼ ਤੌਰ ‘ਤੇ ਕੋਈ ਦਿਨ ਨਿਸਚਿਤ ਨਹੀਂ ਹੈ, ਇਸਲਈ ਅੰਤਰ ਰਾਸ਼ਟਰੀ ਮਾਤਰ ਭਾਸ਼ਾ ਦਿਵਸ ਵਾਲ਼ੇ ਦਿਨ ਹੀ ਪੰਜਾਬ ਫਾਉਂਡੇਸ਼ਨ ਵੱਲੋਂ ਪੰਜਾਬੀ ਭਾਸਾ ਦਿਵਸ ਮਨਾਇਆ ਜਾਂਦਾ ਸੀ। ਪਰੰਤੂ ਹੁਣ ਪੰਜਾਬੀ ਭਾਸ਼ਾ ਨੂੰ ਇਹ ਮਾਣ ਸਤਿਕਾਰ ਦਵਾਉਣ ਲਈ ਪੰਜਾਬ ਫਾਉਂਡੇਸ਼ਨ ਨੇ ਹਰ ਸਾਲ 23 ਸਿਤੰਬਰ ਨੂੰ ਬਾਬਾ ਫ਼ਰੀਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਉਣ ਦਾ ਫ਼ੈਸਲਾ ਲਿਆ ਹੈ। ਬਾਬਾ ਫ਼ਰੀਦ ਪੰਜ਼ਾਬੀ ਦੇ ਸ਼ੁਰੂਆਤੀ ਦੌਰ ਕਵੀਆਂ ਵਿੱਚੋਂ ਅਜਿਹੇ ਸਿਰਮੌਰ ਹਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਮਿਲਿਆ। ਪੰਜਾਬੀ ਫਾਉਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਦਿਵਸ ਦਾ ਪਲੇਠਾ ਸਮਾਗਮ 23 ਸਿਤੰਬਰ ਨੂੰ ਸਵੇਰੇ 10 ਵਜੇ ਹਰਪਾਲ ਟਿਵਾਣਾ ਆਡੀਟੋਰੀਅਮ ਪਟਿਆਲਾ ਵਿਖੇ ਹੋਵੇਗਾ। ਡਾ. ਧੂਰੀ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਸਮਾਗਮ ਵਿੱਚ ਭਾਗ ਲੈਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜਿਹੜੇ ਪੰਜਾਬੀ ਭਾਈ ਭੈਣ ਨੌਜਵਾਨ ਬਜ਼ੁਰਗ ਬੱਚੇ ਇਸ ਸਮਾਗਮ ਵਿੱਚ ਨਹੀਂ ਪਹੁੰਚ ਸਕਦੇ ਉਹ ਆਪਣੇ ਆਪਣੇ ਸਥਾਨ ਤੇ ਪੰਜਾਬੀ ਬੋਲੀ, ਪਹਿਰਾਵੇ ਅਤੇ ਸੱਭਿਆਚਾਰ ਤੇ ਅਧਾਰਿਤ ਸਮਾਗਮ ਕਰਵਾਉਣ ਅਤੇ ਆਉਣ ਵਾਲੀ ਪੰਜਾਬੀ ਪੀੜ੍ਹੀ ਨੂੰ ਅਮੀਰ ਪੁਰਾਤਨ ਪੰਜਾਬੀ ਵਿਰਸੇ ਸੰਬੰਧੀ ਜਾਣਕਾਰੀ ਦੇਣ ਅਤੇ ਵਿਰਸੇ ਨਾਲ ਜੋੜਨ ਲਈ ਢੁੱਕਵੇਂ ਕਦਮ ਚੁੱਕਣ। ਇਸ ਮੌਕੇ ਉਹਨਾਂ ਨਾਲ ਹਾਜ਼ਰ ਝੰਡਾ ਮੱਲ ਯਾਦਗਾਰੀ ਸਿੱਖਿਆ ਸੰਸਥਾ ਦੇ ਨਿਰਦੇਸ਼ਕ ਪਰਦੀਪ ਸ਼ਰਮਾ ਨੇ ਸਮੂਹ ਪੰਜਾਬੀਆ ਨੂੰ ਅਪੀਲ ਕੀਤੀ ਕਿ 23 ਸਿਤੰਬਰ ਵਿਸ਼ਵ ਪੰਜਾਬੀ ਦਿਵਸ ਮੌਕੇ ਮਾਣ ਨਾਲ ਪੰਜਾਬੀ ਵੇਸ਼ ਦੇ ਕੱਪੜੇ ਪਾਉਣ ਅਤੇ ਕੋਸਿਸ਼ ਕਰਨ ਕਿ ਘੱਟੋ ਘੱਟ ਕੱਲ੍ਹ ਦਾ ਦਿਨ ਪੂਰਾ ਦਿਨ ਸਿਰਫ਼ ਅਤੇ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਗੱਲ੍ਹ ਕਰਨ ।