ਜਲੰਧਰ ਤੋਂ ਇਕ ਹੋਰ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ—ਇੱਕ ਐਸੀ ਕਹਾਣੀ ਜਿਸ ਵਿੱਚ ਕਾਨੂੰਨ ਦਾ ਰੱਖਿਆਕ ਹੀ ਦੋਸ਼ੀ ਬਣ ਗਿਆ ਹੈ। ਜਲੰਧਰ ਦੇ ਕਈ ਥਾਣਿਆਂ ‘ਚ ਤਾਇਨਾਤ ਰਹਿ ਚੁੱਕਾ, ਵਿਵਾਦਾਂ ‘ਚ ਘਿਰਿਆ ਥਾਣੇਦਾਰ ਭੂਸ਼ਣ ਕੁਮਾਰ ਹੁਣ ਇੱਕ ਨਵੇਂ ਸੰਗੀਨ ਮਾਮਲੇ ਕਾਰਨ ਚਰਚਾ ਦਾ ਕੇਂਦਰ ਬਣ ਗਿਆ ਹੈ।
ਦਰਅਸਲ, ਇੱਕ ਪ੍ਰਵਾਸੀ ਔਰਤ ਨੇ ਫਿਲੌਰ ਥਾਣੇ ਦੇ ਇੰਚਾਰਜ ਭੂਸ਼ਣ ਕੁਮਾਰ ‘ਤੇ ਆਪਣੀ 14 ਸਾਲਾ ਧੀ ਨਾਲ ਛੇੜਛਾੜ ਦੇ ਦੋਸ਼ ਲਗਾਏ ਹਨ। ਔਰਤ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਨਾਬਾਲਗ ਧੀ ਨਾਲ ਹੋਏ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਈ, ਤਦ ਹੀ ਐਸਐਚਓ ਨੇ ਉਸਦੀ ਧੀ ਨਾਲ ਅਣਉਚਿਤ ਵਿਹਾਰ ਕੀਤਾ।
ਉਸਦੇ ਪਤੀ ਨੇ ਦੱਸਿਆ ਕਿ 23-24 ਅਗਸਤ ਦੀ ਰਾਤ ਨੂੰ 18 ਸਾਲਾ ਰੋਸ਼ਨ ਕੁਮਾਰ ਨਾਮਕ ਨੌਜਵਾਨ ਨੇ ਉਨ੍ਹਾਂ ਦੀ ਧੀ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਸੀ। ਜਦੋਂ ਉਹ ਇਲਾਜ ਲਈ ਫਿਲੌਰ ਸਿਵਲ ਹਸਪਤਾਲ ਪਹੁੰਚੇ, ਤਾਂ ਡਾਕਟਰਾਂ ਨੇ ਪਹਿਲਾਂ ਪੁਲਿਸ ਵਿੱਚ ਕੇਸ ਦਰਜ ਕਰਨ ਦੀ ਸਲਾਹ ਦਿੱਤੀ। ਪਰ ਜਦੋਂ ਪਰਿਵਾਰ ਨੇ ਥਾਣੇ ਪਹੁੰਚ ਕੇ ਐਸਐਚਓ ਭੂਸ਼ਣ ਕੁਮਾਰ ਨਾਲ ਸੰਪਰਕ ਕੀਤਾ, ਤਾਂ ਉਸਨੇ ਬਲਾਤਕਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਡਾਕਟਰੀ ਜਾਂਚ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ।
ਪਰਿਵਾਰ ਦਾ ਦੋਸ਼ ਹੈ ਕਿ ਐਸਐਚਓ ਨੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ, ਅਤੇ ਵਾਰ-ਵਾਰ ਔਰਤ ਨੂੰ ਇਕੱਲਿਆਂ ਬੁਲਾਉਂਦਾ ਰਿਹਾ। ਇਥੋਂ ਤਕ ਕਿ ਉਸਨੇ ਉਨ੍ਹਾਂ ਨਾਲ ਅਣਉਚਿਤ ਵਿਹਾਰ ਵੀ ਕੀਤਾ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪੂਰਾ ਮਹੀਨਾ ਲੰਘ ਗਿਆ ਪਰ ਕੇਸ ਦਰਜ ਨਹੀਂ ਕੀਤਾ ਗਿਆ।
ਇਸ ਮਾਮਲੇ ਨੂੰ ਹੋਰ ਗੰਭੀਰ ਤਬ ਬਣਾਇਆ ਜਦੋਂ ਭੂਸ਼ਣ ਕੁਮਾਰ ਤੇ ਔਰਤ ਦੀ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋਈ, ਜਿਸ ਵਿੱਚ ਥਾਣੇਦਾਰ ਮਹਿਲਾ ਨੂੰ “ਇਕੱਲੇ ਮਿਲਣ” ਲਈ ਕਹਿੰਦਾ ਸੁਣਾਈ ਦੇ ਰਿਹਾ ਹੈ।
ਜਿਵੇਂ ਹੀ ਆਡੀਓ ਸਾਹਮਣੇ ਆਈ, ਜਲੰਧਰ ਦਿਹਾਤੀ ਦੇ ਐਸਐਸਪੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਭੂਸ਼ਣ ਕੁਮਾਰ ਦਾ ਲਾਈਨ ਹਾਜ਼ਿਰ ਕਰ ਦਿੱਤਾ। ਡੀਐਸਪੀ ਸਰਵਣ ਸਿੰਘ ਬੱਲ ਨੇ ਕਿਹਾ ਹੈ ਕਿ ਦੋਸ਼ਾਂ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।