ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ‘ਚ ਆਏ ਮਹਿੰਦਰ ਭਗਤ ਸਕਤੇ ਵਿੱਚ ਹਨ। ਜਲੰਧਰ ਨਗਰ ਨਿਗਮ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਵੈਸਟ ਹਲਕੇ ਨੂੰ ਵੱਡਾ ਝਟਕਾ ਦਿੱਤਾ ਹੈ। ਨਿਗਮ ਕਮਿਸ਼ਨਰ ਦੇ ਹੁਕਮਾਂ ਅਧੀਨ ਵੈਸਟ ਹਲਕੇ ਨਾਲ ਜੁੜੇ 78 ਨਵੇਂ ਟੈਂਡਰ ਖੋਲ੍ਹਣ ’ਤੇ ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਨਿਗਮ ਨੇ ਸੈਂਟਰਲ, ਕੈਂਟ ਅਤੇ ਨਾਰਥ ਹਲਕਿਆਂ ਦੇ ਟੈਂਡਰ ਖੋਲ੍ਹ ਦਿੱਤੇ ਹਨ,ਪਰ ਵੈਸਟ ਦੇ ਟੈਂਡਰ ਰੋਕ ਦਿੱਤੇ ਗਏ ਹਨ । ਕਰੋੜਾਂ ਰੁਪਏ ਦੇ ਕੰਮਾਂ ਵਾਲੇ ਇਹ ਟੈਂਡਰ ਸਿਰਫ਼ ਵੈਸਟ ਹਲਕੇ ਲਈ ਹੀ ਬਣਾਏ ਗਏ ਸਨ। ਟੈਂਡਰਾਂ ਤੇ ਰੋਕ ਲੱਗਣ ਕਾਰਨ ਵੈਸਟ ਦੇ ਕਈ ਇਲਾਕਿਆਂ ਦੇ ਵਿਕਾਸ ਕਾਰਜ ਰੁਕ ਗਏ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਸੰਤ ਰਾਮਾਨੰਦ ਪਾਰਕ, ਗੁਰੂ ਰਵਿਦਾਸ ਪਾਰਕ, ਬਸਤੀ ਮਿੱਠੂ ਦੀਆਂ ਗਲੀਆਂ, ਅਵਤਾਰ ਨਗਰ, ਭਾਰਗੋ ਕੈਂਪ, ਕਰਤਾਰ ਨਗਰ ਅਤੇ ਕੋਟ ਸਦੀਕ ਵਰਗੇ ਇਲਾਕੇ ਸ਼ਾਮਲ ਹਨ।
ਦਰਅਸਲ ਕੁਝ ਦਿਨ ਪਹਿਲਾਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਜਲੰਧਰ ਨਿਗਮ ਦੇ ਕੁੱਝ JEs ਘਰ ਬੈਠੇ ਹੀ ਇੱਕੋ ਜਿਹੇ ਐਸਟੀਮੇਟ ਤਿਆਰ ਕਰ ਰਹੇ ਹਨ। ਵੈਸਟ ਹਲਕੇ ਦੇ ਲਗਭਗ 12 ਵਾਰਡਾਂ ਦੇ ਐਸਟੀਮੇਟ 9.94 ਲੱਖ ਰੁਪਏ ਦੇ ਹੀ ਬਣੇ ਸਨ ਜਿਸ ਕਰਕੇ ਸਵਾਲ ਉੱਠਣੇ ਸ਼ੁਰ ਹੋ ਗਏ ਸਨ। ਇਸ ਤੋਂ ਇਲਾਵਾ ਲਗਭਗ 90 ਫ਼ੀਸਦੀ ਐਸਟੀਮੇਟ 10 ਲੱਖ ਤੋਂ ਘੱਟ ਬਣਾਏ ਗਏ ਹਨ, ਤਾਂ ਜੋ ਠੇਕੇਦਾਰਾਂ ਨੂੰ ਥਰਡ ਕਿਸੇ ਤਰ੍ਹਾਂ ਦੀ ਜਾਂਚ-ਪੜਤਾਲ ਦਾ ਸਾਹਮਣਾ ਨਾ ਕਰਨਾ ਪਵੇ।
ਟੈਂਡਰਾਂ ਦੀ ਇਸ ਗੜਬੜ ਦਾ ਅਸਰ ਚੰਡੀਗੜ੍ਹ ਵੀ ਪੁੱਜ ਗਿਆ ਹੈ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਪੂਰੀ ਰਿਪੋਰਟ ਤਲਬ ਕੀਤੀ ਹੈ।