ਨਰੇਸ਼ ਭਾਰਦਵਾਜ:
ਜਲੰਧਰ ਛਾਉਣੀ ਬਾਈਪਾਸ ਮੈਕਡੋਨਲਡ ਰੋਡ ’ਤੇ ਵਾਤਾਵਰਨ ਨੂੰ ਗੰਧਲਾ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਈਸਟ ਵੁਡ ਗਰੁੱਪ ਦੇ ਮਾਲਕ ਤ੍ਰਿਵੈਣੀ ਮਲਹੋਤਰਾ ਵੱਲੋਂ ਨਵੇਂ ਨਿਰਮਾਣ ਲਈ ਇੱਕ ਪਲਾਟ ਦੇ ਸਾਹਮਣੇ ਲੱਗੇ ਲਗਭਗ 100 ਤੋਂ ਵੱਧ ਹਰੇ-ਭਰੇ ਦਰਖਤ ਰਾਤੋਂ-ਰਾਤ ਕਟਵਾ ਦਿੱਤੇ ਗਏ।
ਇਹ ਸਾਰੇ ਦਰਖਤ PWD ਵਿਭਾਗ, ਬਾਗਬਾਨੀ ਵਿਭਾਗ ਅਤੇ ਖੱਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਵੱਲੋਂ ਚਲਾਏ ਗਏ “ਦਰਖਤ ਲਗਾਓ ਅਭਿਆਨ” ਦੇ ਤਹਿਤ ਲਗਾਏ ਗਏ ਸਨ। ਇਨ੍ਹਾਂ ਵਿਚੋਂ ਕਈ ਰੁੱਖ 20 ਤੋਂ 30 ਸਾਲ ਪੁਰਾਣੇ ਸਨ। ਦਰਖਤਾਂ ਵਿੱਚ ਨੀਮ, ਮੋਰਿੰਗਾ ਅਤੇ ਟਾਹਲੀ ਵਰਗੀਆਂ ਮਹੱਤਵਪੂਰਨ ਕਿਸਮਾਂ ਸ਼ਾਮਲ ਸਨ।
ਸਥਾਨਕ ਪਿੰਡਾਂ ਕੋਟ ਕਲਾਂ, ਕੁੱਕੜ ਪਿੰਡ ਅਤੇ ਸੋਫੀ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਹੀ ਰੁੱਖ ਵੱਢ ਕੇ ਟਰਾਲੀਆਂ ਵਿੱਚ ਲੱਦ ਕੇ ਕਿਸੇ ਹੋਰ ਥਾਂ ਭੇਜੇ ਗਏ। ਪੱਤਿਆਂ ਅਤੇ ਟਾਹਣੀਆਂ ਨੂੰ ਤੁਰੰਤ ਸਾੜ ਦਿੱਤਾ ਗਿਆ ਤਾਂ ਜੋ ਕੋਈ ਸਬੂਤ ਨਾ ਰਹਿ ਜਾਵੇ।
ਇਸ ਘਟਨਾ ਤੋਂ ਬਾਅਦ ਵਾਤਾਵਰਨ ਪ੍ਰੇਮੀ ਤੇਜਸਵੀ ਮਿਨਹਾਸ ਨੇ ਤਿੱਖਾ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਅਤੇ PWD ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ East Wood ਦੇ ਮਾਲਿਕ ਤ੍ਰਿਵੇਣੀ ਮਲਹੋਤਰਾ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਸਰਕਾਰ ਵਾਤਾਵਰਨ ਸੰਭਾਲ ਲਈ ਅਭਿਆਨ ਚਲਾ ਰਹੀ ਹੈ, ਉੱਥੇ ਦੂਜੇ ਪਾਸੇ ਵੱਡੇ ਕਾਰੋਬਾਰੀ ਨਵੇਂ ਨਿਰਮਾਣ ਲਈ ਹਰੇ-ਭਰੇ ਦਰਖਤਾਂ ਨੂੰ ਬੇਰਹਮੀ ਨਾਲ ਕੱਟ ਰਹੇ ਹਨ। ਇਸ ਕਾਰਨ ਖੇਤਰ ਦੇ ਲੋਕਾਂ ਵਿਚ ਭਾਰੀ ਰੋਸ ਹੈ।