ਤਲਾਕ ਦੇ ਇਕ ਮਾਮਲੇ ਵਿੱਚ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੀ ਡੀਲ ਫਸੀ… ਐਡਵੋਕੇਟ ਜਤਿਨ ਸਲਵਾਨ ਤੇ ਦਲਾਲ ਸਤਨਾਮ ਸਿੰਘ ਨੇ ਜੱਜ ਦੇ ਨਾਮ ‘ਤੇ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਮੰਗਾਂ ਦਾ ਮਾਮਲਾ ਸਾਹਮਣੇ ਆਇਆ ਹੈ।
ਚੰਡੀਗੜ੍ਹ ਤੋਂ ਪਹੁੰਚੀ ਸੀਬੀਆਈ ਟੀਮ ਨੇ ਬਠਿੰਡਾ ਵਿੱਚ ਜੱਜ ਨੂੰ ਘੰਟਿਆਂ ਤੱਕ ਬੰਦ ਕਮਰੇ ਵਿੱਚ ਪੁੱਛਗਿੱਛ ਕੀਤੀ। 20 ਤੋਂ ਵੱਧ ਤਿੱਖੇ ਸਵਾਲ—ਪਰ ਜੱਜ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ।
ਸੀਬੀآਈ ਨੇ ਰਿਕਾਰਡਿੰਗਾਂ ਦਿਖਾਈਆਂ, ਜਿਨ੍ਹਾਂ ਵਿੱਚ ਵਾਰ-ਵਾਰ ਜੱਜ ਦਾ ਹੀ ਨਾਮ ਲਿਆ ਗਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਜੱਜ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ।
ਦੂਜੇ ਪਾਸੇ, ਇਸ ਮਾਮਲੇ ਦੇ ਦੋਸ਼ੀ ਐਡਵੋਕੇਟ ਜਤਿਨ ਸਲਵਾਨ ਨੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਮੰਗਲਵਾਰ, 30 ਸਤੰਬਰ ਨੂੰ ਸੁਣਵਾਈ ਦੌਰਾਨ, ਅਦਾਲਤ ਨੇ ਸੀਬੀਆਈ ਤੋਂ ਸਟੇਟਸ ਰਿਪੋਰਟ ਮੰਗੀ। ਅਦਾਲਤ ਨੇ ਪੁੱਛਿਆ ਕਿ ਕੀ ਬਠਿੰਡਾ ਅਦਾਲਤ ਦੇ ਨਿਆਂਇਕ ਅਧਿਕਾਰੀ ਤੋਂ ਪੁੱਛਗਿੱਛ ਕੀਤੀ ਗਈ ਸੀ। ਸੀਬੀਆਈ ਨੇ ਜਵਾਬ ਦਿੱਤਾ, “ਹਾਂ, ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਉਸਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।”
ਹੁਣ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ—ਚਾਰਜਸ਼ੀਟ 13 ਅਕਤੂਬਰ ਤੱਕ ਦਾਇਰ ਹੋਵੇ… ਅਤੇ ਜ਼ਮਾਨਤ ‘ਤੇ ਫ਼ੈਸਲਾ ਵੀ ਚਾਰਜਸ਼ੀਟ ਤੋਂ ਬਾਅਦ ਹੀ ਆਵੇਗਾ।
ਦੱਸਦੇਈਏ ਕਿ 13 ਅਗਸਤ, 2025 ਨੂੰ, ਫਿਰੋਜ਼ਪੁਰ ਦੀ ਬੇਦੀ ਕਲੋਨੀ ਦੇ ਵਸਨੀਕ ਹਰਸਿਮਰਨਜੀਤ ਸਿੰਘ ਨੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਚਚੇਰੀ ਭੈਣ ਸੰਦੀਪ ਕੌਰ ਬਠਿੰਡਾ ਅਦਾਲਤ ਵਿੱਚ ਤਲਾਕ ਦੇ ਕੇਸ ਦਾ ਸਾਹਮਣਾ ਕਰ ਰਹੀ ਸੀ। ਇਸ ਮਾਮਲੇ ਵਿੱਚ, ਵਕੀਲ ਜਤਿਨ ਸਲਵਾਨ ਨੇ ਵਾਰ-ਵਾਰ ਉਸ ‘ਤੇ ਦਬਾਅ ਪਾਇਆ ਕਿ ਜੇਕਰ ਉਹ ਆਪਣੀ ਮਰਜ਼ੀ ਦਾ ਫੈਸਲਾ ਚਾਹੁੰਦੇ ਹਨ ਤਾਂ ਜੱਜ ਨੂੰ 30 ਲੱਖ ਰੁਪਏ ਦਾ ਭੁਗਤਾਨ ਕਰਨ ।
ਜਦੋਂ ਹਰਸਿਮਰਨਜੀਤ ਨੇ ਰਕਮ ਘਟਾਉਣ ਲਈ ਕਿਹਾ, ਤਾਂ ਸਲਵਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ “ਰਿਸ਼ਵਤ ਦੀ ਰਕਮ ਕਦੇ ਨਹੀਂ ਘਟਦੀ।” ਹਰਸਿਮਰਨਜੀਤ ਨੇ ਫਿਰ ਸੀਬੀਆਈ ਨਾਲ ਸੰਪਰਕ ਕੀਤਾ। ਸ਼ਿਕਾਇਤ ‘ਤੇ, ਸੀਬੀਆਈ ਨੇ ਜਾਲ ਵਿਛਾਇਆ ਅਤੇ ਸਲਵਾਨ ਅਤੇ ਉਸਦੇ ਸਾਥੀ ਨੂੰ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ।
ਹੁਣ ਪ੍ਰਸ਼ਨ ਵੱਡਾ ਹੈ—ਕੀ ਨਿਆਂ ਦੇ ਮੰਦਰ ਨੂੰ ਕਾਲਖ ਲਾਉਣ ਵਾਲੇ ਇਹ ਦੋਸ਼ ਸੱਚ ਸਾਬਤ ਹੋਣਗੇ… ਜਾਂ ਫਿਰ ਸਿਰਫ਼ ਸਾਜ਼ਿਸ਼?