ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨੀ ਅਹੁਦੇ ਲਈ ਦਾਅਵੇਦਾਰਾਂ ਨੇ ਆਪਣੀ ਲਾਬਿੰਗ ਤੇਜ਼ ਕਰ ਦਿੱਤੀ ਹੈ। ਲਗਭਗ 16 ਉਮੀਦਵਾਰ ਪ੍ਰਧਾਨ ਬਣਨ ਲਈ ਮੈਦਾਨ ਵਿੱਚ ਉੱਤਰ ਆਏ ਹਨ ਅਤੇ ਸਭ ਆਪੋ-ਆਪਣੇ ਹੱਕ ਵਿੱਚ ਸਮੀਕਰਨ ਬਣਾਉਣ ਲਈ ਤਿਕੜਮ ਲਾ ਰਿਹਾ ਹਨ। ਮੰਨਿਆਂ ਜਾ ਰਿਹਾ ਹੈ ਕਿ ਕੁਝ ਵੱਡੇ ਲੀਡਰਾਂ ਨੇ ਤਾਂ ਤਿੰਨ-ਚਾਰ ਦਾਅਵੇਦਾਰਾਂ ਨੂੰ ਵੀ ਆਪਣੇ ਪੱਖ ਵਿੱਚ ਕਰਨ ਵਿੱਚ ਸਫ਼ਲਤਾ ਵੀ ਹਾਸਲ ਕੀਤੀ ਹੈ।
ਕਾਂਗਰਸ ਹਾਈ-ਕਮਾਂਡ ਵਲੋਂ ਭੇਜੇ ਨਿਗਰਾਨ ਰਾਜੇਸ਼ ਲਲੋਠੀਆ ਨੇ ਸਾਰੇ ਦਾਅਵੇਦਾਰਾਂ ਨਾਲ ਮੁਲਾਕਾਤ ਕਰਕੇ ਰਿਪੋਰਟ ਤਿਆਰ ਕਰ ਲਈ ਹੈ, ਜੋ ਹੁਣ ਹਾਈ-ਕਮਾਂਡ ਨੂੰ ਭੇਜੀ ਜਾਵੇਗੀ। ਲਲੋਠੀਆ ਮੁਤਾਬਕ ਇਸ ਵਾਰ ਚੋਣ ਪ੍ਰਕਿਰਿਆ ’ਤੇ ਤਿੰਨ ਪੱਧਰ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਜਿਸ ਕਾਰਨ ਇਹ ਪੂਰਾ ਪ੍ਰਕਿਰਿਆ ਨਿਰਪੱਖ ਦਿਖਾਈ ਦੇ ਰਹੀ ਹੈ। ਆਬਜ਼ਰਵਰ ਨਾ ਤਾਂ ਕਿਸੇ ਦਾਅਵੇਦਾਰ ਦੇ ਘਰ ਜਾ ਰਹੇ ਹਨ, ਨਾ ਹੀ ਸਥਾਨਕ ਨੇਤਾਵਾਂ ਦੀ ਮਹਿਮਾਨ ਨਿਵਾਜ਼ੀ ਕਬੂਲ ਕਰ ਰਹੇ ਹਨ।
ਸ਼ਹਿਰੀ ਪ੍ਰਧਾਨ ਲਈ ਰਜਿੰਦਰ ਬੇਰੀ, ਪਵਨ ਕੁਮਾਰ, ਮਨੋਜ ਮਨੂੰ, ਗੁਰਵਿੰਦਰਪਾਲ ਸਿੰਘ, ਬੰਟੀ ਨੀਲਕੰਠ ਤੇ ਡਾ. ਜਸਲੀਨ ਸੇਠੀ ਦੇ ਨਾਂ ਚਰਚਾ ਵਿੱਚ ਹਨ। ਦਿਹਾਤੀ ਕਾਂਗਰਸ ਪ੍ਰਧਾਨ ਦੀ ਦੌੜ ਵਿੱਚ ਹਰਦੇਵ ਲਾਡੀ ਸ਼ੇਰੋਵਾਲੀਆ, ਡਾ. ਨਵਜੋਤ ਦਹੀਆ, ਰਾਣਾ ਰੰਧਾਵਾ, ਵਿਕਰਮਜੀਤ ਸਿੰਘ, ਅਸ਼ਵਨ ਭੱਲਾ ਤੇ ਸੁਖਵਿੰਦਰ ਕੋਟਲੀ ਅੱਗੇ ਆਏ ਹਨ।
ਸਰਵੇਖਣ ਟੀਮ ਨੇ ਪਬਲਿਕ ਫੀਡਬੈਕ ਲੈ ਕੇ ਆਪਣੀ ਰਿਪੋਰਟ ਮੁਕੰਮਲ ਕਰ ਲਈ ਹੈ। ਹੁਣ ਸਾਰੀਆਂ ਨਿਗਾਹਾਂ ਹਾਈ ਕਮਾਂਡ ਦੇ ਫ਼ੈਸਲੇ ’ਤੇ ਟਿਕੀਆਂ ਹਨ ਕਿ ਆਖ਼ਰਕਾਰ ਜਲੰਧਰ ਸ਼ਹਿਰ ਅਤੇ ਦਿਹਾਤੀ ਕਾਂਗਰਸ ਦਾ ਨਵਾਂ ਕਪਤਾਨ ਕੌਣ ਹੋਵੇਗਾ।