ਟਰੱਕ ਡ੍ਰਾਈਵਰ ਹਰਜਿੰਦਰ ਸਿੰਘ ਦਾ ਕੇਸ ਅਜੇ ਠੰਡਾ ਨਹੀਂ ਹੋਇਆ ਸੀ ਕਿ ਇਕ ਹੋਰ ਵੀਡੀਓ ਨੇ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸੋਸ਼ਲ ਮੀਡੀਆ ‘ਤੇ ਅਮਰੀਕਾ ਦੇ ਲਾਸ ਐਂਜਲਿਸ ‘ਚ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੀ ਪੁਲਿਸ ਫਾਇਰਿੰਗ ‘ਚ ਮੌਤ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ, ਘਟਨਾ 14 ਜੁਲਾਈ 2025 ਦੀ ਹੈ, ਜਦ ਲਾਸ ਐਂਜਲਿਸ ਦੇ ਡਾਊਨਟਾਊਨ LA ਵਿਚ Crypto.com Arena ਦੇ ਨੇੜੇ ਗੁਰਪ੍ਰੀਤ ਸਿੰਘ ਇੱਕ “ਖੰਡੇ” ਵਰਗੇ ਹਥਿਆਰ ਨਾਲ ਸੜਕ ‘ਤੇ ਲੋਕਾਂ ਨੂੰ ਡਰਾਉਂਦਾ ਦਿਖਾਈ ਦਿੱਤਾ।
LA ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਰਪ੍ਰੀਤ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ, ਪਰ ਉਸਨੇ ਹੁਕਮ ਨਾ ਮੰਨਿਆ। ਵੀਡੀਓ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਗੁਰਪ੍ਰੀਤ ਪਹਿਲਾਂ “ਖੰਡੇ” ਨਾਲ ਗਤਕਾ-ਸਟਾਈਲ ਹਲਚਲ ਕਰਦਾ ਰਿਹਾ, ਫਿਰ ਆਪਣੀ ਗੱਡੀ ਵਿੱਚ ਬੈਠ ਕੇ ਪੁਲਿਸ ਵੱਲ ਬੋਤਲ ਸੁੱਟੀ ਅਤੇ ਗੱਡੀ ਨੂੰ ਤੇਜ਼ੀ ਨਾਲ ਭਜਾਉਂਦਾ ਰਿਹਾ। ਇਸ ਦੌਰਾਨ, ਗੁਰਪ੍ਰੀਤ ਨੇ ਇਕ ਪੁਲਿਸ ਵਾਹਨ ਨੂੰ ਵੀ ਟੱਕਰ ਮਾਰੀ।
ਅਖੀਰ ਵਿੱਚ, Figueroa ਅਤੇ 12ਵੀਂ ਸੜਕ ਦੇ ਨੇੜੇ ਗੁਰਪ੍ਰੀਤ “ਖੰਡਾ” ਲੈ ਕੇ ਸਿੱਧਾ ਪੁਲਿਸ ਅਧਿਕਾਰੀਆਂ ਵੱਲ ਵੱਧਿਆ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਗੁਰਪ੍ਰੀਤ ‘ਤੇ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਲੈ ਜਾਣ ਸਮੇਂ ਉਸਦੀ ਮੌਤ ਹੋ ਗਈ। LAPD ਨੇ ਕਿਹਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸਿੱਖ ਕਮਿਊਨਿਟੀ ਨੇ ਇਸ ਘਟਨਾ ‘ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।